ਜਲੰਧਰ ਦਿਹਾਤੀ ਖੇਤਰ 'ਚ ਧਰਨੇ/ਰੈਲੀਆਂ/ਜਲਸੇ ਦੀ ਪ੍ਰਵਾਨਗੀ ਲਈ ਸਬੰਧਿਤ ਐਸ.ਡੀ.ਐਮਜ਼ ਅਧਿਕਾਰਤ ਅਥਾਰਟੀ ਨਾਮਜ਼ਦ

●ਪ੍ਰਵਾਨਗੀ ਲਈ ਨਿਰਧਾਰਿਤ ਪ੍ਰੋਫਾਰਮੇ 'ਚ ਬਿਨੈਪੱਤਰ ਦੇਣਾ ਲਾਜ਼ਮੀ

ਜਲੰਧਰ, 8 ਜਨਵਰੀ (ਦ ਪੰਜਾਬ ਟੂਡੇ ਬਿਊਰੋ) ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵਲੋਂ ਜਲੰਧਰ ਦਿਹਾਤੀ ਖੇਤਰ ਵਿੱਚ ਧਰਨੇ/ਰੈਲੀਆਂ/ਜਲਸੇ ਆਦਿ ਸਬੰਧੀ ਪ੍ਰਵਾਨਗੀ ਦੇਣ ਲਈ ਸਬੰਧਿਤ ਉਪ ਮੰਡਲ ਮੈਜਿਸਟਰੇਟਾਂ ਨੂੰ ਅਧਿਕਾਰਤ ਅਥਾਰਟੀ ਨਾਮਜ਼ਦ ਕੀਤਾ ਗਿਆ ਹੈ ਜਦਕਿ ਜ਼ਿਲ੍ਹਾ ਜਲੰਧਰ ਵਿੱਚ ਨਗਰ ਨਿਗਮ ਦੀ ਹਦੂਦ ਅਧੀਨ ਪੈਂਦੇ ਖੇਤਰਾਂ ਲਈ ਕਮਿਸ਼ਨਰ ਪੁਲਿਸ ਜਲੰਧਰ ਵਲੋਂ ਪ੍ਰਵਾਨਗੀ ਦਿੱਤੀ ਜਾਂਦੀ ਹੈ। 

ਡਿਪਟੀ ਕਮਿਸ਼ਨਰ ਵਲੋਂ ਜਾਰੀ ਹੁਕਮਾਂ  ਰਾਹੀਂ ਕਿਹਾ ਗਿਆ ਹੈ ਕਿ ਸਬੰਧਿਤ ਐਸ.ਡੀ.ਐਮ.ਹੀ ਪ੍ਰਬੰਧਕਾਂ ਨੂੰ ਧਰਨੇ,ਰੈਲੀਆਂ ਤੇ ਜਲਸੇ ਦੀ ਪ੍ਰਵਾਨਗੀ ਦੇਣ ਤੋਂ ਪਹਿਲਾਂ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਇਨ੍ਹ-ਬਿਨ੍ਹ ਪਾਲਣਾਂ ਨੂੰ ਯਕੀਨੀ ਬਣਾਉਣਗੇ ਅਤੇ ਭਵਿੱਖ ਦੇ ਹਵਾਲੇ ਲਈ ਇਸ ਦਾ ਮੁਕੰਮਲ ਰਿਕਾਰਡ ਵੀ ਸੰਭਾਲ ਕੇ ਰੱਖਣਗੇ । 

ਉਨ੍ਹਾਂ ਕਿਹਾ ਕਿ ਜਲੰਧਰ ਦਾ ਦਿਹਾਤੀ ਖੇਤਰ ਮੁੱਖ ਦਫ਼ਤਰ ਤੋਂ ਕਾਫ਼ੀ ਦੂਰੀ ਤੱਕ ਫੈਲਿਆ ਹੋਇਆ ਹੈ ਅਤੇ ਪ੍ਰਬੰਧਕਾਂ ਵਲੋਂ ਬਿਨੈ ਪੱਤਰ ਪੇਸ਼ ਕਰਨ ਲਈ ਦਰਪੇਸ਼ ਆਉਣ ਵਾਲੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਵਾਨਗੀ ਦੇਣ ਸਬੰਧੀ ਐਸ.ਡੀ.ਐਮਜ ਨੂੰ ਸਮਰੱਥ ਅਥਾਰਟੀ ਨਾਮਜ਼ਦ ਕੀਤਾ ਗਿਆ ਹੈ। 

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਪੰਜਾਬ ਸਰਕਾਰ ਗ੍ਰਹਿ ਅਤੇ ਨਿਆਂ ਵਿਭਾਗ, ਪੰਜਾਬ ਵਲੋਂ ਧਰਨਿਆਂ ,ਰੈਲੀਆਂ ਤੇ ਜਲਸਿਆਂ ਵਿੱਚ ਢੁਕਵੇਂ ਪ੍ਰਬੰਧਾਂ ਦੀ ਅਣਹੋਂਦ ਕਾਰਨ ਅਨੇਕਾਂ ਦੁਰਘਟਨਾਵਾਂ ਕਾਰਨ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ ਜਿਸ ਦੇ ਮਦੇਨਜ਼ਰ ਪੰਜਾਬ ਸਰਕਾਰ ਵਲੋਂ ਵਿਸਥਾਰਤ ਦਿਸ਼ਾ ਨਿਰਦੇਸ਼ 6 ਨਵੰਬਰ 2018 ਨੂੰ ਜਾਰੀ ਕੀਤੇ ਗਏ ਸਨ । 

ਇਨ੍ਹਾਂ ਦਿਸ਼ਾ ਨਿਰਦੇਸ਼ਾਂ ਤਹਿਤ ਪ੍ਰਬੰਧਕਾਂ ਵਲੋਂ ਵੱਖ ਵੱਖ ਪਹਿਲੂਆਂ ਅਤੇ ਜਾਣਕਾਰੀ ਨਿਰਧਾਰਿਤ ਪ੍ਰੋਫਾਰਮੇ ਵਿੱਚ ਦਿੰਦੇ ਹੋਏ ਪ੍ਰਵਾਨਗੀ ਲਈ ਅਪਲਾਈ ਕੀਤਾ ਜਾਣਾ ਲਾਜ਼ਮੀ ਕੀਤਾ ਗਿਆ ਹੈ । ਇਸ ਤੋਂ ਇਲਾਵਾ ਸਬੰਧਿਤ ਵਿਭਾਗਾਂ ਪਾਸੋਂ ਵੀ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣੇ ਹਨ। ਇਹ ਹੁਕਮ 29.02.2020 ਤੱਕ ਲਾਗੂ ਰਹਿਣਗੇ।

Comments