ਸੰਨ 1721 ਵਿਚ ਸ. ਕਪੂਰ ਸਿੰਘ ਨੇ ਭਾਈ ਮਨੀ ਸਿੰਘ ਜੀ ਦੇ ਜੱਥੇ ਪਾਸੋਂ ਅੰਮ੍ਰਿਤ ਛੱਕਿਆ। ਇਸ ਕਹਿਰ ਦੇ ਬਾਵਜੂਦ ਖਾਲਸੇ ਦੀ ਚੜ੍ਹਦੀ ਕਲਾ ਰਹੀ। ਇਕ ਵਾਰ ਤਾਂ ਨਵਾਬ ਕਪੂਰ ਸਿੰਘ ਜੀ ਹਕੂਮਤ ਨੂੰ ਖਾਲਸੇ ਦਾ ਤੇਜ ਪ੍ਰਤਾਪ ਦਰਸਾਉਂਣ ਲਈ 20 ਸਿੰਘਾਂ ਦਾ ਜੱਥਾ ਲੈ ਕੇ ਲਾਹੌਰ ਦੀ ਕੋਤਵਾਲੀ ਵਿਚ ਪਹੁੰਚ ਗਏ ਅਤੇ ਕੋਤਵਾਲ ਨੂੰ ਬੰਦੀ ਬਣਾ ਲਿਆ। ਸਾਰਾ ਸਰਕਾਰੀ ਅਸਲਾ ਕਬਜੇ ਵਿਚ ਲੈ ਲਿਆ ਅਤੇ ਸਾਰੇ ਕੈਦੀ ਰਿਹਾਅ ਕਰ ਦਿਤੇ।
ਨਵਾਬ ਸਾਹਿਬ ਜਾਂਦੇ ਜਾਂਦੇ ਕੋਤਵਾਲ ਨੂੰ ਕਹਿ ਗਏ ਕਿ ਆਪਣੇ ਹਾਕਮਾਂ ਨੂੰ ਕਹਿ ਦੇਵੀਂ ਕਿ ਸੱਚੇ ਪਾਤਸ਼ਾਹ ਦਾ ਥਾਪਿਆ ਕੋਤਵਾਲ ਸਰਦਾਰ ਕਪੂਰ ਸਿੰਘ ਆਇਆ ਸੀ ਅਤੇ ਜਦੋਂ ਤੱਕ ਹਾਕਮਾਂ ਨੂੰ ਖਬਰ ਪਹੁੰਚਦੀ ਸਿੰਘ ‘ਓਹ ਗਏ, ਓਹ ਗਏ’ ਹੋ ਜਾਂਦੇ ਸੀ।
ਇਸ ਤੋਂ ਬਾਅਦ ਨਵਾਬ ਕਪੂਰ ਸਿੰਘ ਨੇ ਸੰਨ 1736 ਵਿਚ ਗੁਰੂ ਮਾਰੀ ਸਰਹੰਦ ਦੇ ਹਾਕਮਾਂ ਨੂੰ ਖੂਬ ਲੁਟਿਆ ਅਤੇ ਕੁਟਿਆ। ਫਿਰ ਉਨ੍ਹਾਂ ਨੇ ਪਟਿਆਲਾ ਰਿਆਸਤ ਵੱਲ ਜਾਣਾ ਕੀਤਾ, ਜਿਥੇ ਬਾਬਾ ਆਲਾ ਸਿੰਘ ਨੇ ਉਨ੍ਹਾਂ ਦੀ ਬਹੁਤ ਆਉ ਭਗਤ ਕੀਤੀ। ਸਿੰਘਾਂ ਦੀ ਮਾਰੋ-ਮਾਰ ਤੋਂ ਅੱਕ ਕੇ ਜ਼ਕਰੀਆ ਖਾਂ ਨੇ ਹੈਬਤ ਖਾਂ, ਸਲਾਬਤ ਖਾਂ, ਦੀਵਾਨ ਲੱਖਪਤ ਰਾਇ ਅਤੇ ਕੁਤਬਦੀਨ ਦੀ ਅਗਵਾਈ ਵਿਚ ਇਕ ਵੱਡੀ ਫੌਜ ਨੂੰ ਬੁੱਢਾ ਦਲ ਦੇ ਬਾਸਰਕੇ ਦੀ ਬੀੜ ਵਾਲੇ ਪੜਾਅ ‘ਤੇ ਹਮਲਾ ਕਰਨ ਲਈ ਭੇਜਿਆ। ਇਥੇ ਵੀ ਖਾਲਸੇ ਨੇ ਡੱਟ ਕੇ ਵੈਰੀ ਦਾ ਮੁਕਾਬਲਾ ਕੀਤਾ।
ਨਵਾਬ ਕਪੂਰ ਸਿੰਘ ਦੇ ਹੁਕਮ ਨੂੰ ਮੰਨ ਕੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸ਼ਾਹੀ ਫੌਜ ਦੇ ਅੱਖੀਂ ਘੱਟਾ ਪਾ ਕੇ ਸਰਹੰਦ ਤੋਂ ਲੁਟਿਆ ਖਜਾਨਾ ਲੈ ਕੇ ਨਿਕਲ ਗਏ। ਨਵਾਬ ਕਪੂਰ ਸਿੰਘ ਨੇ ਬੜੀ ਤਰਕੀਬ ਨਾਲ ਸ਼ਾਹੀ ਫੌਜ ਨੂੰ ਉਲਝਾਈ ਰਖਿਆ। ਥੱਕ ਹਾਰ ਕੇ ਜਦੋਂ ਸ਼ਾਹੀ ਫੌਜ ਲਾਹੌਰ ਵੱਲ ਜਾ ਰਹੀ ਸੀ ਤਾਂ ਨਵਾਬ ਕਪੂਰ ਸਿੰਘ ਨੇ 200 ਸਿੰਘਾਂ ਦੇ ਜਥੇ ਨਾਲ ਫਿਰ ਤੋਂ ਹਮਲਾ ਕਰਕੇ ਸ਼ਾਹੀ ਫੌਜ ਦੀ ਅਗਵਾਈ ਕਰ ਰਹੇ ਲਖਪਤ ਰਾਏ ਦੇ ਭਤੀਜੇ ਦੁਨੀ ਚੰਦ, ਕਮਾਂਡਰ ਜ਼ਮਾਲ ਖਾਂ, ਤਤਾਰ ਖਾਂ ਸਮੇਤ ਹੋਰ ਕਈਆਂ ਨੂੰ ਪਾਰ ਬੁਲਾਇਆ।
ਖਾਨ ਬਹਾਦਰ ਨੇ ਗੁੱਸੇ ਵਿਚ ਆ ਕੇ ਕਾਜ਼ੀ ਅਬਦੁਲ ਰਹਿਮਾਨ ਦੀ ਅਗਵਾਈ ਵਿਚ ਅੰਮ੍ਰਿਤਸਰ ਦੇ ਆਲ-ਦੁਆਲੇ ਫੌਜ ਦਾ ਸਖਤ ਪਹਿਰਾ ਲਗਵਾ ਦਿਤਾ ਤਾਂ ਜੋ ਸਿੱਖਾਂ ਨੂੰ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਨ ਤੋਂ ਵਾਂਝਿਆਂ ਕੀਤਾ ਜਾ ਸਕੇ।
ਹਕੁਮਤ ਦੇ ਪਹਿਰੇ ਤੋੜਦੇ ਹੋਏ ਭਾਈ ਸੁੱਖਾ ਸਿੰਘ ਮਾੜ੍ਹੀ ਕੰਬੋਕੇ ਅਤੇ ਭਾਈ ਥਰ੍ਹਾਜ਼ ਸਿੰਘ ਨੇ ਸਰੋਵਰ ਵਿਚ ਇਸ਼ਨਾਨ ਵੀ ਕੀਤਾ ਅਤੇ ਜਾਂਦੇ ਹੋਏ ਕਾਜ਼ੀ ਅਬਦੁਲ ਰਹਿਮਾਨ ਅਤੇ ਉਸਦੇ ਪੁੱਤਰ ਦਾ ਫਾਹਾ ਵੱਢ ਗਏ। ਸਮੱਦ ਖਾਂ ਦੀ ਅਗਵਾਈ ਵਿਚ ਹਕੂਮਤ ਦੀ ਫੌਜ ਸਿੱਖਾਂ ਦੇ ਸਰਦਾਰ ਕਪੂਰ ਸਿੰਘ ਦੀ ਭਾਲ ਕਰ ਰਹੀ ਸੀ।
(ਚਲਦਾ)
Comments
Post a Comment