ਸਿੱਖ ਮਿਸਲਾਂ (ਭਾਗ- 1)

ਅਠਾਰਵੀਂ ਸਦੀ ਪੂਰੇ ਭਾਰਤ ਵਿਚ ਅਰਾਜਕਤਾ ਦਾ ਦੌਰ ਸੀ। ਨਾਦਰਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਨੇ ਮੁਗਲ ਸਲਤਨਤ ਨੂੰ ਝੰਝੋੜ ਕੇ ਰੱਖ ਦਿੱਤਾ। ਪੰਜਾਬ ਵਿਚ ਕੋਈ ਵੀ ਮੁਗਲ ਬਾਦਸ਼ਾਹ ਅਮਨ-ਚੈਨ ਕਾਇਮ ਕਰਨ ਵਿਚ ਕਾਮਯਾਬ ਨਹੀਂ ਹੋਇਆ। ਮੁਗਲ ਹਕੂਮਤ ਤਕਰੀਬਨ ਖਤਮ ਹੋਣ ਤੇ ਆ ਚੁਕੀ ਸੀ। ਪੰਜਾਬ ਸਰਹੱਦੀ ਇਲਾਕਾ ਹੋਣ ਦੇ ਨਾਲ-ਨਾਲ ਉਪਜਾਊ ਤੇ ਅਮੀਰ ਵੀ ਸੀ, ਜਿਸਦੇ ਤਹਿਤ ਕਈਆਂ ਦੀ ਨਜ਼ਰ ਇਸ ਉਤੇ ਟਿਕੀ ਹੋਈ ਸੀ। ਇੱਕ ਪਾਸੇ ਮੁਸਲਮਾਨ ਸ਼ਾਸ਼ਕ ਸਿੱਖਾਂ ਦੀ ਹੋਂਦ ਇਸ ਧਰਤੀ ਤੋਂ ਮਿਟਾਉਣ ਲਈ ਤੜਪ ਰਹੇ ਸਨ ਤੇ ਦੂਜੇ ਪਾਸੇ ਅਫਗਾਨੀ ਨਾਦਰਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਵਰਗੇ ਲੁਟੇਰੇ, ਇਸ ਨੂੰ ਆਪਣੇ ਰਾਜ ਵਿਚ ਮਿਲਾਉਣ ਦੀ ਚਾਹਤ ਰੱਖਦੇ ਸਨ। 
ਦਰਬਾਰ ਮਹਾਰਾਜਾ ਰਣਜੀਤ ਸਿੰਘ

ਸਿੱਖ ਸ਼ਹਾਦਤਾਂ ਦੇ ਰਸਤੇ ਤੇ ਤੁਰ ਕੇ ਆਪਣੀ ਹੋਂਦ, ਆਪਣੇ ਸਿੱਖੀ ਵਿਰਸੇ ਤੇ ਆਪਣੇ ਪੰਜਾਬ ਨੂੰ ਸੰਭਾਲਣ ਦੀ ਜਦੋ-ਜਹਿਦ ਵਿੱਚ ਲੱਗੇ ਹੋਏ ਸਨ। ਅਠਾਰਵੀਂ ਸਦੀ ਦੀਆਂ ਪ੍ਰਮੁੱਖ ਘਟਨਾਵਾਂ ਵਿਚੋਂ ਛੋਟਾ ਤੇ ਵੱਡਾ ਘੱਲੂਘਾਰਾ ਇਤਿਹਾਸਕ ਦ੍ਰਿਸ਼ਟੀ ਤੋਂ ਖਾਸ ਅਹਿਮੀਅਤ ਰਖਦੇ ਹਨ। ਛੋਟਾ ਘੱਲੂਘਾਰਾ 1746 ਵਿਚ ਕਾਹਨੂੰਵਾਲ (ਗੁਰਦਾਸਪੁਰ) ਵਿਖੇ ਅਤੇ ਵੱਡਾ ਘੱਲੂਘਾਰਾ ਫਰਵਰੀ 1762 ਵਿੱਚ ਮਲੇਰਕੋਟਲਾ ਦੇ ਨੇੜੇ ਪਿੰਡ ਕੁੱਪ ਰੋਹੀੜਾ ਦੀ ਧਰਤੀ ਤੋਂ ਸ਼ੁਰੂ ਹੋ ਕੇ ਧਲੇਰ-ਝਨੇਰ ਵਿੱਚ ਦੀ ਹੁੰਦਾ ਹੋਇਆ, ਅੱਗੇ ਪਿੰਡ ਕੁਤਬਾ-ਬਾਹਮਣੀਆਂ ਕੋਲ ਜਾ ਕੇ ਖਤਮ ਹੋਇਆ। 

ਇਨ੍ਹਾ ਘੱਲੂਘਾਰਿਆਂ ਵਿਚ ਬੇਅੰਤ ਸ਼ਹੀਦੀਆਂ ਹੋਈਆਂ। ਪਹਿਲੇ ਘੱਲੂਘਾਰੇ ਵਿੱਚ ਇਕੋ ਥਾਂ ਤੇ ਇਕੋ ਵੇਲੇ ਤਕਰੀਬਨ 20 ਹਜ਼ਾਰ ਦੇ ਕਰੀਬ ਅਤੇ ਵੱਡੇ ਘੱਲੂਘਾਰੇ ਵਿੱਚ 30-40 ਹਜ਼ਾਰ ਵਹੀਰਾਂ ਨਾਲ ਆਏ ਬੱਚੇ, ਬੱਚਿਆਂ, ਔਰਤਾਂ, ਬੁੱਢੇ ਤੇ ਫੌਜੀ ਜਵਾਨ ਸ਼ਹੀਦ ਹੋਏ। ਇਹ ਦੌਰ ਸਿੱਖਾਂ ਦੀਆਂ ਬੇਮਿਸਾਲ ਕੁਰਬਾਨੀਆਂ ਦੀ ਇਕ ਲੰਬੀ ਦਾਸਤਾਨ ਹੈ। ਇਹ ਉਹ ਸਮਾਂ ਸੀ, ਜਦੋਂ ਗੁਰੂ ਕੇ ਸਿੰਘਾਂ, ਬੀਬੀਆਂ, ਬੱਚਿਆਂ ਨੇ ਆਪਣੇ ਧਰਮ ਹੇਤ ਸੀਸ ਦਿਤੇ, ਕੇਸਾਂ ਦੀ ਪਵਿਤ੍ਰਤਾ ਨੂੰ ਕਾਇਮ ਰਖਣ ਲਈ ਬੰਦ-ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਮਾਸੂਮ ਬੱਚਿਆਂ ਦੇ ਟੋਟੇ-ਟੋਟੇ ਕਰਵਾ ਆਪਣੇ ਗਲਾਂ ਵਿਚ ਹਾਰ ਪੁਆਏ, ਪਰ ਸਿੱਖੀ ਸਿਦਕ ਨਹੀਂ ਹਾਰਿਆ। 

ਇਸ ਸਦੀ ਵਿਚ ਸਿੱਖਾਂ ਨੇ ਜਿਨ੍ਹਾਂ ਅਤਿ ਦਾ ਸਾਹਮਣਾ ਕੀਤਾ, ਉਤਾਰ ਚੜਾਵ ਦੇਖੇ ਅਤੇ ਖੂਨ ਡੋਲਿਆ, ਦੁਨਿਆ ਦੇ ਕਿਸੇ ਇਤਿਹਾਸ ਵਿੱਚ ਇਸ ਦੀ ਮਿਸਾਲ ਨਹੀਂ ਮਿਲਦੀ। ਸਬਰ ਤੇ ਸਿਦਕ ਦੀਆਂ ਜਿਨ੍ਹਾਂ ਸਿਖਰਾਂ ਨੂੰ ਛੋਹਿਆ, ਉਸਦੀ ਵੀ ਇਕ ਆਪਣੀ ਹੱਦ ਸੀ। ਇਨ੍ਹਾ ਸਿੰਘਾਂ-ਸਿੰਘਣੀਆ ਦੀ ਯਾਦ ਵਿਚ ਅੱਜ ਵੀ ਹਰ ਗੁਰਦੁਆਰੇ ਵਿੱਚ, ਹਰ ਕਾਰਜ, ਚਾਹੇ ਉਹ ਖੁਸ਼ੀ ਦਾ ਹੋਵੇ ਜਾਂ ਗ਼ਮੀ ਦਾ, ਹਰ ਸਿੱਖ ਦਿਨ-ਰਾਤ ਅਰਦਾਸ ਕਰਦਾ ਹੈ। 

ਇਸ ਸਮੇਂ ਤੱਕ ਔਰੰਗਜ਼ੇਬ ਦੀ ਮੌਤ  ਤੋਂ ਬਾਦ ਦਿੱਲੀ ਵਿੱਚ ਮੁਗਲ ਸਲਤਨਤ ਖੋਖਲੀ ਹੋ ਚੁਕੀ ਸੀ ਤੇ ਉਸਦੀ ਹਕੂਮਤ ਸਿਰਫ ਦਿੱਲੀ ਤੱਕ ਹੀ ਸੀਮਤ ਰਹਿ ਗਈ ਸੀ। ਤਖ਼ਤ ਤੇ ਫੁਰਖਸੀਯਾਰ ਤੇ ਮੁਹੰਮਦ ਸ਼ਾਹ ਰੰਗੀਲਾ ਵਰਗੇ ਐਸ਼ਪ੍ਰਸਤ ਤੇ ਕਮਜ਼ੋਰ ਬਾਦਸ਼ਾਹ ਬੈਠੇ ਸੀ। ਛੋਟੇ-ਛੋਟੇ ਰਾਜਿਆਂ ਤੇ ਸੂਬਿਆਂ ਦਾ ਬੋਲਬਾਲਾ ਸੀ, ਜੋ ਆਪਣੇ ਸਵਾਰਥ, ਈਰਖਾ ਤੇ ਹੰਕਾਰ ਜਾਂ ਆਪਣੀਆਂ ਹਦਾਂ ਵਧਾਣ ਲਈ ਆਪਸ ਵਿਚ ਹੀ ਲੜਦੇ ਰਹਿੰਦੇ। ਉਨ੍ਹਾ ਦੇ ਹਾਕਮ ਆਪਣੀ ਹੀ ਪਰਜਾ ਤੇ ਅਤਿਆਚਾਰ ਕਰਦੇ ਰਹਿੰਦੇ। 

ਦਿੱਲੀ ਦੀ ਹਕੂਮਤ ਕਮਜ਼ੋਰ ਹੋਣ ਕਰਕੇ ਵਿਦੇਸ਼ੀ ਹਮਲੇ ਤੇ ਉਨ੍ਹਾਂ ਦੀ ਲੁਟ ਖਸੁਟ ਆਮ ਸੀ। ਇਹ ਲੁਟ ਖਸੁਟ ਕਰਨ ਵਾਲੇ ਧਾੜਵੀ ਜ਼ਿਆਦਾਤਰ ਅਫਗਾਨਿਸਤਾਨ ਵਲੋਂ ਆਉਂਦੇ ਤੇ ਹਿੰਦੁਸਤਾਨ ਤੋਂ ਲੱਖਾਂ-ਕਰੋੜਾਂ ਦੀ ਸੰਪਤੀ, ਹੀਰੇ-ਜਵਾਹਰਾਤ ਤੇ ਜਵਾਨ ਬੱਚੇ-ਬੱਚਿਆਂ ਨੂੰ ਗੁਲਾਮ ਬਣਾ ਕੇ ਲੈ ਜਾਂਦੇ ਸਨ ਤੇ ਕਾਬਲ ਵਿੱਚ ਜਾ ਕੇ ਟਕੇ-ਟਕੇ ਤੇ ਵੇਚਿਆ ਕਰਦੇ ਸਨ। ਹਿੰਦੂ ਮੰਦਰ ਵਿਚ ਘੰਟੀਆਂ ਵਜਾਂਦੇ ਰਹਿ ਜਾਂਦੇ ਤੇ ਇਨ੍ਹਾ ਦੀਆਂ ਜਨਾਨੀਆਂ ਤੇ ਜਵਾਨ ਬਹੂ-ਬੇਟੀਆਂ ਦਾ ਗਜਨੀ ਦੇ ਬਜਾਰਾਂ ਵਿਚ ਮੁਲ ਪੈ ਜਾਂਦਾ। 

ਪਹਿਲੀ ਵਾਰੀ ਜਦ ਨਾਦਰਸ਼ਾਹ ਸਿਰਫ 500 ਸਿਪਾਹੀਆਂ ਨਾਲ ਹਿੰਦੁਸਤਾਨ ਆਇਆ ਤਾਂ, ਲੱਖਾਂ-ਕਰੋੜਾਂ ਦੀ ਸੰਪਤੀ ਲੁਟ ਕੇ ਲੈ ਗਿਆ। ਕਿਸੇ ਨੇ ਉਸ ਦਾ ਰਾਹ ਨਹੀਂ ਰੋਕਿਆ। ਇਸ ਨੇ ਅਫਗਾਨੀਆ ਨੂੰ ਜਾ ਕੇ ਕਿਹਾ, "ਤੁਸੀਂ ਆਪਸ ਵਿਚ ਕਿਉਂ ਲੜ ਰਹੇ ਹੋ, ਜਾਉ ਹਿੰਦੁਸਤਾਨ ਨੂੰ ਜਾ ਕੇ ਲੁਟੋ, ਜਿੱਥੇ ਕੋਈ ਮਰਦ ਨਹੀਂ"। ਬਸ ਫਿਰ ਕੀ ਸੀ, ਨਾਦਰਸ਼ਾਹ ਤੇ ਉਸ ਤੋਂ ਪਿਛੋਂ ਅਹਿਮਦ ਸ਼ਾਹ ਅਬਦਾਲੀ ਦੇ ਲਗਾਤਾਰ ਹਮਲੇ ਹੋਏ। 

ਪੰਜਾਬ ਕਿਉਂਕਿ ਸਰਹਦੀ ਇਲਾਕਾ ਸੀ, ਇਸ ਕਰਕੇ ਰਾਜਨੀਤਕ ਉਥਲ-ਪੁਥਲ ਦਾ ਸਭ ਤੋਂ ਜ਼ਿਆਦਾ ਅਸਰ ਪੰਜਾਬ ਤੇ ਹੁੰਦਾ। ਕੋਈ ਵੀ ਮੁਗਲ ਬਾਦਸ਼ਾਹ ਪੰਜਾਬ ਵਿਚ ਅਮਨ ਚੈਨ ਕਾਇਮ ਕਰਨ ਵਿਚ ਸਫਲ ਨਹੀ ਹੋਇਆ। ਜਿਸ ਕਰਕੇ ਸਿੱਖਾਂ ਨੂੰ ਆਪਣੀ ਸੁਰੱਖਿਆ ਖੁਦ ਕਰਨੀ ਪਈ। ਉਨ੍ਹਾ ਨੇ ਆਪਣੇ ਆਪ ਨੂੰ ਬਚਾਉਣ ਲਈ ਅਲੱਗ-ਅਲੱਗ ਜੱਥਿਆਂ ਵਿਚ ਵੰਡ ਲਿਆ। ਹੌਲੀ-ਹੌਲੀ ਇਹ ਜੱਥੇ ਵਧਦੇ-ਵਧਦੇ 65 ਤੱਕ ਦੀ ਗਿਣਤੀ ਤੇ ਪਹੁੰਚ ਗਏ। ਇਨ੍ਹਾ ਨੇ ਆਪਣੇ ਆਰਥਿਕ ਲੋੜਾਂ ਨੂੰ ਪੂਰੀਆਂ ਕਰਨ ਲਈ ਵੱਖ-ਵੱਖ ਪਿੰਡਾਂ ਦੀ ਸੁਰਖਿਆ ਦਾ ਭਾਰ ਆਪਣੇ ਜਿੰਮੇ ਲੈ ਲਿਆ। ਜਿਸ ਕਰਕੇ ਹੌਲੀ-ਹੌਲੀ ਇਹ ਪਿੰਡ ਆਪਣੇ ਰਖਿਅਕ ਦੇ ਪ੍ਰਭਾਵ ਹੇਠ ਆ ਗਏ। 

1726 ਵਿੱਚ ਜਕਰੀਆ ਖਾਨ ਪੰਜਾਬ ਦਾ ਗਵਰਨਰ ਨਿਯੁਕਤ ਕੀਤਾ ਗਿਆ, ਜਿਸਨੇ ਰਹਿੰਦੀ ਖਹਿੰਦੀ ਕਸਰ ਪੂਰੀ ਕਰ ਦਿੱਤੀ। ਸਿੱਖਾਂ ਦਾ ਸਮੂਹਿਕ ਕਤਲੇਆਮ ਹੋਇਆ, ਸਿੱਖਾਂ ਦੇ ਸਿਰਾਂ ਦੇ ਮੁਲ ਪਾਏ ਗਏ। ਉਸਨੇ ਇਕ ਹੁਕਮਨਾਮਾ ਜਾਰੀ ਕੀਤਾ, "ਸਿੱਖਾਂ ਦੇ ਕੇਸ ਕਤਲ ਕਰਨ ਵਾਲੇ ਨੂੰ ਲੇਫ਼ ਤਲਾਈ ਤੇ ਕੰਬਲ, ਸਿੱਖਾਂ ਬਾਰੇ ਖਬਰ ਦੇਣ ਲਈ 10 ਰੁਪਏ, ਸਿੱਖਾਂ ਨੂੰ ਜਿਉਂਦਾ ਜਾ ਮਾਰ ਕੇ ਪੇਸ਼ ਕਰਨ ਵਾਲਿਆਂ ਨੂੰ 50 ਰੁਪਏ"। 

ਸਿੱਖਾਂ ਦੇ ਸਿਰਾਂ ਦੇ ਮੁਲ ਵਧਦੇ ਘਟਦੇ ਰਹੇ ਤੇ ਕਦੇ-ਕਦੇ 80 ਰੁਪਏ ਤੱਕ ਪਹੁੰਚ ਜਾਂਦੇ। ਸਿੱਖਾਂ ਦੇ ਘਰਾਂ ਨੂੰ ਲੁਟਣ ਦੀ ਸਰਕਾਰ ਵੱਲੋਂ ਛੂਟ ਦਿੱਤੀ ਜਾਂਦੀ ਸੀ। ਸਿੱਖਾਂ ਨੂੰ ਪਨਾਹ ਦੇਣ ਵਾਲੇ ਨੂੰ ਸਜ਼ਾ-ਏ-ਮੌਤ ਦੀ ਸਜ਼ਾ ਮੁਕਰਰ ਕੀਤੀ ਗਈ ਸੀ। ਸਿੱਖਾਂ ਨੂੰ ਅੰਨ ਦਾਣਾ ਜਾਂ ਕਿਸੇ ਪ੍ਰਕਾਰ ਦੀ ਸਹਾਇਤਾ ਦੇਣ ਵਾਲੇ ਨੂੰ ਵੀ ਬਖਸ਼ਿਆ ਨਹੀਂ ਜਾਂਦਾ ਸੀ। ਸਿੱਖਾਂ ਨੂੰ ਲੱਭਣ ਲਈ ਥਾਂ-ਥਾਂ ਤੇ ਗਸ਼ਤੀ ਫੌਜ਼ ਤਾਇਨਾਤ ਕਰ ਦਿੱਤੀ ਗਈ। ਅੰਮ੍ਰਿਤਸਰ ਦੇ ਆਸ-ਪਾਸ ਸਖਤ ਪਹਿਰਾ ਲਗਾ ਦਿੱਤਾ ਗਿਆ। ਜਿਸਦਾ ਨਤੀਜਾ ਇਹ ਹੋਇਆ ਕਿ ਪੱਤਾ ਪੱਤਾ ਸਿੱਖਾਂ ਦਾ ਵੈਰੀ ਬਣ ਗਿਆ। 
 
(ਚਲਦਾ) 

Comments