
ਬਹੁਤ ਸਾਰੇ ਪਿੰਡਾਂ ਦੇ ਚੋਧਰੀਆਂ ਤੇ ਮੁਖਬਰਾਂ ਨੇ ਇਨਾਮ ਤੇ ਜਗੀਰਾਂ ਦੇ ਲਾਲਚ ਪਿਛੇ ਸਿਰਫ ਮੁਗਲ ਹਾਕਮਾਂ ਦਾ ਸਾਥ ਹੀ ਨਹੀਂ ਦਿੱਤਾ, ਬਲਿਕ ਉੱਤਰ-ਪੱਛਮ ਤੋਂ ਆਏ ਨਾਦਰਸ਼ਾਹ ਤੇ ਅਹਿਮਦਸ਼ਾਹ ਅਬਦਾਲੀ ਵਰਗੇ ਲੁਟੇਰਿਆ ਨੂੰ ਵੀ ਸਿੱਖਾਂ ਦਾ ਖ਼ੁਰਾ ਖੋਜ ਮਿਟਾਣ ਵਿੱਚ ਹਰ ਪ੍ਰਕਾਰ ਦੀ ਜਾਣਕਾਰੀ ਤੇ ਸਹਾਇਤਾ ਦਿੱਤੀ।
ਸ਼ਹੀਦ ਕਰਨ ਦੇ ਕੁੱਲ 18 ਤਰੀਕੇ ਸੀ, ਜੋ ਸਾਰੇ ਸਿੰਘਾਂ ਤੇ ਅਜਮਾਏ ਗਏ। ਸਿੱਖ ਆਪਣੇ ਧਰਮ ਤੇ ਹੋਂਦ ਨੂੰ ਬਚਾਉਣ ਲਈ ਮਜ਼ਬੂਰਨ ਘਰ ਬਾਰ ਛੱਡ ਕੇ ਜੰਗਲਾਂ,ਪਹਾੜਾਂ, ਬੀਆਬਾਨਾਂ ਤੇ ਮਾਰੂਥਲਾਂ ਵਿੱਚ ਜਾ ਬੈਠੇ। ਹਰ ਸਮੇਂ ਮੌਤ ਉਨ੍ਹਾ ਦਾ ਪਿੱਛਾ ਕਰਦੀ ਰਹਿੰਦੀ, ਪਰ ਸਿੱਖ ਫਿਰ ਵੀ ਚੜ੍ਹਦੀ ਕਲਾ ਵਿਚ ਰਹੇ ਤੇ ਅਕਾਲ ਪੁਰਖ ਦੇ ਹੁਕਮ ਅੱਗੇ ਸਿਰ ਝੁਕਾਂਦੇ, ਆਪਣੇ ਫਰਜਾਂ ਤੋਂ ਮੂੰਹ ਨਹੀਂ ਮੋੜਿਆ। ਆਪਣੀ ਸ਼ਰਨ ਵਿਚ ਆਏ ਹਰ ਮਜਲੂਮ ਦੀ ਰਾਖੀ ਕੀਤੀ।
ਸੰਨ 1733-34 ਦੌਰਾਨ ਖਾਲਸੇ ਨੂੰ ਜਿਨ੍ਹਾਂ ਸਮਾਂ ਸ਼ਾਂਤੀ ਵਾਲਾ ਮਿਲਿਆ, ਉਸ ਵੇਲੇ ਪੰਥ ਦਾ ਖੁੱਲ ਕੇ ਪ੍ਰਚਾਰ ਅਤੇ ਪਾਸਾਰ ਹੋਇਆ। ਜ਼ਕਰੀਆ ਖਾਂ ਨੂੰ ਸਿੰਘਾਂ ਦੀ ਚੜ੍ਹਦੀ ਕਲਾ ਵਾਲੀ ਇਹ ਖੇਡ ਤਾਂ ਬਿਲਕੁਲ ਨਹੀਂ ਭਾਅ ਰਹੀ ਸੀ। ਇਧਰ ਸੂਹੀਆਂ ਦੀ ਖਬਰ ਅਨੁਸਾਰ "ਖਾਲਸਾ ਪੰਥ ਇਕ ਜਗੀਰ ਹੀ ਨਹੀਂ, ਸਗੋਂ ਪੂਰੇ ਪੰਜਾਬ ਨੂੰ ਆਪਣੀ ਜਗੀਰ ਬਨਾਉਂਣ ਦੀ ਤਿਆਰੀ ਕਰ ਰਿਹਾ ਹੈ", ਸੁਣ ਕੇ ਜ਼ਕਰੀਆ ਖਾਂ ਦੀ ਨੀਂਦ ਹਰਾਮ ਹੋ ਗਈ।
ਜਕਰੀਆ ਖਾਂ ਨੇ 4000 ਸਿਪਾਹੀਆਂ ਦੀ ਫੌਜ ਨੂੰ ਸਿੰਘਾਂ ਦਾ ਸਫਾਇਆ ਕਰਨ ਲਈ ਭੇਜਿਆ ਅਤੇ ਨਾਲ ਹੀ ਪਿੰਡਾਂ ਦੇ ਚੌਧਰੀਆਂ, ਨੰਬਰਦਾਰਾਂ ਅਤੇ ਜਗੀਰਦਾਰਾਂ ਨੂੰ ਹਿਦਾਇਤਾਂ ਦਿਤੀਆਂ ਕਿ ਪਿੰਡਾਂ ਵਿਚੋਂ ਸਿੱਖਾਂ ਦਾ ਖਾਤਮਾ ਕਰ ਦਿੱਤਾ ਜਾਵੇ। ਇਹ ਉਹ ਭਿਆਨਕ ਸਮਾਂ ਸੀ, ਜਦੋਂ ਸਿੱਖ ਦੇ ਸਿਰ ਦੇ ਮੁੱਲ ਪਏ। ਇਸ ਭਿਆਨਕ ਸਮੇਂ ਸਿੰਘਾਂ ਨੇ ਫਿਰ ਤੋਂ ਜੰਗਲਾਂ, ਪਹਾੜਾਂ, ਝੱਲਾਂ ਅਤੇ ਮਾਰੂਥਲਾਂ ਵੱਲ ਮੁਹਾਰ ਮੋੜ ਲਈ। ਇਸ ਸਮੇਂ ਦੇ ਹਿੰਦੂ ਪਰਿਵਾਰਾਂ ਵਿਚੋਂ ਜਦੋਂ ਕੋਈ ਪੁੱਤਰ ਸਿੰਘ ਸੱਜ ਜਾਂਦਾ ਤਾਂ ਉਸਦੇ ਮਾਪੇ ਹਕੂਮਤ ਤੋਂ ਡਰਦੇ ਮਾਰੇ ਆਪਣੇ 4 ਪੁੱਤਰਾਂ ਦੀ ਥਾਂ ਗਿਣਤੀ 3 ਹੀ ਦੱਸਦੇ ਸਨ। ਇਸ ਸਮੇਂ ਸਿੱਖ ਬੀਬੀਆਂ, ਬੱਚਿਆਂ ਅਤੇ ਬਜੁਰਗਾਂ ਉਪਰ ਬਹੁਤ ਕਹਿਰ ਵਰਤਿਆ।
ਜਿਹੜਾ ਵੀ ਸਿੱਖ ਹਕੂਮਤ ਦੇ ਕਾਬੂ ਆਇਆ, ਉਸ ਨੂੰ ਭਿਆਨਕ ਤਸੀਹੇ ਸਿਰ ਕਲਮ ਕਰਨਾ, ਪੁੱਠੀ ਖਲ ਉਤਾਰਨੀ, ਚਰਖੜ੍ਹੀ ‘ਤੇ ਚਾੜ ਕੇ ਸ਼ਹੀਦ ਕਰਨਾ, ਬੱਚਿਆਂ ਨੂੰ ਨੇਜ਼ਿਆਂ ਉਤੇ ਟੰਗਣਾ, ਅੱਖਾਂ ਕੱਢ ਦੇਣੀਆਂ, ਘੋੜਿਆਂ ਦੇ ਪਿੱਛੇ ਬੰਨ੍ਹ ਕੇ ਧੂਹਣਾ ਅਤੇ ਹੋਰ ਕਈ ਤਰ੍ਹਾਂ ਦੇ ਭਿਆਨਕ ਤਸੀਹੇ ਦਿਤੇ ਜਾਂਦੇ।
ਲਾਹੌਰ ਸ਼ਹਿਰ ਦੇ ਦਰਵਾਜ਼ਿਆਂ ਉਤੇ ਸਿੱਖਾਂ ਦੇ ਸਿਰਾਂ ਦੇ ਮੁਨਾਰੇ ਚਿਣੇ ਗਏ।ਇਧਰ ਸੰਨ 1738 ਵਿਚ ਨਾਦਰ ਸ਼ਾਹ ਨੇ ਦਿੱਲੀ ਵਿੱਚ ਇੱਕ ਲੱਖ ਤੋਂ ਉਪਰ ਵਿਅਕਤੀਆਂ ਨੂੰ ਮਰਵਾ ਦਿੱਤਾ ਅਤੇ ਜਦੋਂ ਉਹ 70 ਕਰੋੜ ਮੁੱਲ ਦੇ ਗਹਿਣੇ, 25 ਕਰੋੜ ਜੰਗ ਦਾ ਇਵਜ਼ਾਨਾ, 1000 ਹਾਥੀ, 7000 ਘੋੜੇ, 10000 ਊਠ, ਹਜ਼ਾਰਾਂ ਦੀ ਗਿਣਤੀ ਵਿਚ ਮਾਹਰ ਕਾਰੀਗਰਾਂ ਅਤੇ ਔਰਤਾਂ ਨੂੰ ਗੁਲਾਮ ਬਣਾ ਕੇ ਮਾਰੋ ਮਾਰ ਕਰਦਾ, ਪੰਜਾਬ ਵਿੱਚੋਂ ਦੀ ਵਾਪਸ ਲੰਘ ਰਿਹਾ ਸੀ, ਤਾਂ ਨਵਾਬ ਕਪੂਰ ਸਿੰਘ ਦੀ ਅਗਵਾਈ ਹੇਠ ਸਿੰਘਾਂ ਨੇ ਅਚਾਨਕ ਹਮਲਾ ਕਰਕੇ ਬੰਦੀ ਔਰਤਾਂ ਨੂੰ ਛੁਡਵਾਇਆ ਅਤੇ ਨਾਦਰ ਸ਼ਾਹ ਦੇ ਲੁੱਟ ਦੇ ਮਾਲ ਵਿਚੋਂ ਹਿੱਸਾ ਵੰਡਾਇਆ।
ਨਾਦਰ ਸ਼ਾਹ ਨੇ ਗੁੱਸੇ ਵਿਚ ਆ ਕੇ ਜ਼ਕਰੀਆ ਖਾਂ ਨੂੰ ਪੁਛਿਆ ਕਿ ਇਹ ਸਿੱਖ ਕੌਣ ਹਨ ? ਜਿਨ੍ਹਾਂ ਨੇ ਮੇਰੇ ਵਰਗੇ ਬੰਦੇ ਦਾ ਰਾਹ ਰੋਕਣ ਦੀ ਹਿੰਮਤ ਕੀਤੀ ਹੈ। ਇਹਨਾਂ ਦਾ ਕਿਹੜਾ ਮੁਲਕ ਹੈ ? ਜਕਰੀਆਂ ਖਾਨ ਨੇ ਜਵਾਬ ਦਿੰਦੇ ਹੋਏ ਕਿਹਾ ਕੀ ਇਨ੍ਹਾ ਦਾ ਕੋਈ ਮੁਲਕ ਨਹੀਂ, ਕੋਈ ਘਰ-ਬਾਹਰ ਨਹੀਂ। ਇਹ ਘੋੜਿਆਂ ਦੀਆਂ ਕਾਠੀਆਂ ਤੇ ਸੋਂਦੇ ਹਨ, ਜੇ ਕੁੱਝ ਮਿਲੇ ਤਾਂ ਖਾ ਲੈਂਦੇ ਹਨ ਨਹੀਂ ਤੇ ਭੁੱਖੇ ਹੀ ਸੌਂ ਜਾਂਦੇ ਹਨ। ਜੰਗਲਾਂ ਵਿੱਚ ਇਨ੍ਹਾ ਦਾ ਵਾਸਾ ਹੈ, ਸਭ ਬੜੇ ਪਿਆਰ ਨਾਲ ਰਹਿੰਦੇ ਹਨ। ਜਦੋਂ ਕਦੀ ਲੰਗਰ ਦਾ ਇੰਤਜ਼ਾਮ ਹੋ ਜਾਵੇ ਤਾਂ ਪਹਿਲਾ ਭੁੱਖੇ ਲੋੜਵੰਦ ਨੂੰ ਖੁਆ ਕਿ, ਫਿਰ ਕੁੱਝ ਬਚੇ ਤਾਂ ਆਪ ਖਾ ਲੈਂਦੇ ਹਨ। ਜਿੰਨੇ ਅਸੀ ਇਹ ਮਾਰਦੇ ਹਾਂ, ਇਹ ਉਨ੍ਹੇ ਹੀ ਹੋਰ ਆ ਜਾਂਦੇ ਹਨ। ਸੁਣਿਆ ਹੈ ਕਿ, ਅੰਮ੍ਰਿਤਸਰ ਵਿੱਚ ਇੱਕ ਸਰੋਵਰ ਹੈ, ਜਿਸ ਵਿੱਚ ਇਹ ਡੁਬਕੀ ਲਗਾ ਕੇ ਫਿਰ ਤਰੋ-ਤਾਜ਼ਾ ਹੋ ਜਾਂਦੇ ਹਨ।
ਨਾਦਰ ਸ਼ਾਰ ਨੇ ਹਾਲਾਤ ਸਮਝਦੇ ਹੋਏ ਜ਼ਕਰੀਆ ਖਾਂ ਨੂੰ ਸੁਚੇਤ ਕੀਤਾ ਕਿ "ਉਹ ਦਿਨ ਦੂਰ ਨਹੀਂ, ਜਦੋਂ ਇਹ ਕੌਮ ਇਸ ਮੁਲਕ ਤੇ ਰਾਜ ਕਰੇਗੀ"।
ਉਸ ਵੇਲੇ ਸਿੱਖ ਪੰਥ ਕੋਲ ਇਕ ਬਹੁਤ ਹੀ ਦੂਰ-ਅੰਦੇਸੀ, ਮਹਾਂਬਲੀ, ਨਿਰਭੈ, ਜੰਗੀ ਜਰਨੈਲ ਤੇ ਆਗੂ ਸੀ। ਜਿਸ ਨੂੰ ਸਿੱਖ ਇਤਿਹਾਸ ਵਿਚ ਨਵਾਬ ਕਪੂਰ ਸਿੰਘ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
(ਚਲਦਾ)
Comments
Post a Comment